HP Rajya Sabha Elections: ਉੱਤਰ ਪ੍ਰਦੇਸ਼, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਲਈ ਚੋਣਾਂ ਹੋਈਆਂ। ਇਸ ਦੌਰਾਨ ਸਭ ਤੋਂ ਵੱਡੀ ਚਰਚਾ ਕਰਾਸ ਵੋਟਿੰਗ ਨੂੰ ਲੈ ਕੇ ਹੋਈ। ਜਿਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਇਆ। ਹਿਮਾਚਲ ਪ੍ਰਦੇਸ਼ ਵਿੱਚ ਪੂਰਨ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਹਾਰ ਗਏ। ਹੁਣ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਚਾਉਣ ਦੀ ਸਮੱਸਿਆ ਆ ਰਹੀ ਹੈ।
ਵਿਧਾਨ ਸਭਾ ਵਿੱਚ ਬਹੁਮਤ ਨਹੀਂ
ਵਿਰੋਧੀ ਧਿਰ ਦੇ ਨੇਤਾਵਾਂ ਅਤੇ ਹੋਰ ਭਾਜਪਾ ਵਿਧਾਇਕਾਂ ਨੇ ਮੰਗਲਵਾਰ ਸ਼ਾਮ ਨੂੰ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨਾਲ ਮੁਲਾਕਾਤ ਕੀਤੀ ਅਤੇ ਵੋਟਿੰਗ ਰਾਹੀਂ ਰਾਜ ਦਾ ਬਜਟ ਪਾਸ ਕਰਨ ਦੀ ਮੰਗ ਕੀਤੀ – ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਕਾਂਗਰਸ ਬਜਟ ਪਾਸ ਕਰਨ ਵਿੱਚ ਸਫਲ ਨਹੀਂ ਹੁੰਦੀ ਹੈ, ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਉਸ ਕੋਲ ਵਿਧਾਨ ਸਭਾ ਵਿੱਚ ਬਹੁਮਤ ਨਹੀਂ ਹੈ। ਹਿਮਾਚਲ ਪ੍ਰਦੇਸ਼ ਵਿੱਚ ਅੱਜ ਤੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਭਾਜਪਾ ਵਿਧਾਇਕ ਦਲ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਪਹੁੰਚ ਗਿਆ ਹੈ, ਅਜਿਹੇ ‘ਚ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ।
ਭਾਜਪਾ ਦੇ ਹੱਕ ਵਿੱਚ ਪਈਆਂ ਵੋਟਾਂ
ਵਿਧਾਨ ਸਭਾ ‘ਚ ਕਾਂਗਰਸ ਦੇ 40 ਵਿਧਾਇਕ ਹਨ ਅਤੇ ਪਾਰਟੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਦੇ ਆਸਾਨੀ ਨਾਲ ਜਿੱਤਣ ਦੀ ਉਮੀਦ ਸੀ। ਇਕਲੌਤੀ ਰਾਜ ਸਭਾ ਸੀਟ ਲਈ ਵੋਟਿੰਗ ਦੌਰਾਨ, ਕਾਂਗਰਸ ਦੇ ਛੇ ਵਿਧਾਇਕਾਂ ਅਤੇ ਸਰਕਾਰ ਦਾ ਸਮਰਥਨ ਕਰਨ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਕਥਿਤ ਤੌਰ ‘ਤੇ ਭਾਜਪਾ ਉਮੀਦਵਾਰ ਨੂੰ ਵੋਟ ਦਿੱਤੀ ਅਤੇ ਅਭਿਸ਼ੇਕ ਮਨੂ ਸਿੰਘਵੀ ਹਾਰ ਗਏ। ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੁਣ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਕੋਲ ਬਹੁਮਤ ਨਹੀਂ ਬਚਿਆ ਹੈ। ਠਾਕੁਰ ਨੇ ਸੀ.ਐਮ. ਸੁੱਖੂ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਬੇਭਰੋਸਗੀ ਮਤਾ ਲਿਆ ਸਕਦੀ ਭਾਜਪਾ
ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੀਰਵਾਰ ਨੂੰ ਬੇਭਰੋਸਗੀ ਮਤਾ ਲਿਆ ਸਕਦੀ ਹੈ। ਇਹ ਗੱਲ ਸੀ.ਐਮ. ਸੁੱਖੂ ਦੇ ਉਸ ਬਿਆਨ ਤੋਂ ਵੀ ਸਮਝੀ ਜਾ ਸਕਦੀ ਹੈ ਜਿਸ ਵਿੱਚ ਉਹ ਹਰਿਆਣਾ ਸਰਕਾਰ ‘ਤੇ ਪੰਜ-ਛੇ ਕਾਂਗਰਸੀ ਵਿਧਾਇਕਾਂ ਨੂੰ ਅਗਵਾ ਕਰਨ ਦੇ ਦੋਸ਼ ਲਗਾ ਰਹੇ ਸਨ। ਹੁਣ ਭਾਜਪਾ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਕਾਂਗਰਸ ਸਰਕਾਰ ਕੋਲ ਬਹੁਮਤ ਨਹੀਂ ਹੈ ਅਤੇ ਜੈਰਾਮ ਠਾਕੁਰ ਰਾਜਪਾਲ ਨੂੰ ਮਿਲਣ ਆਏ ਹਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਡਿੱਗ ਸਕਦੀ ਹੈ।
ਇਹ ਖਬਰਾਂ ਵੀ ਪੜ੍ਹੋ:
–
