Suman Kumar BSF Sniper: ਅੱਜ ਦੇ ਦੌਰ ਵਿੱਚ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। ਔਰਤਾਂ ਹਰ ਥਾਂ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਸੁਮਨ ਨੇ ਵੀ ਕੁਝ ਅਜਿਹਾ ਕਰ ਨਵਾਂ ਇਤਿਹਾਸ ਰਚ ਦਿੱਤਾ ਹੈ।
ਮੰਡੀ ਦੀ ਤੁੰਗਲ ਘਾਟੀ ਦੀ ਰਹਿਣ ਵਾਲੀ ਸੁਮਨ ਨੇ ਬੀ.ਐਸ.ਐਫ. ਵਿੱਚ ਪਹਿਲੀ ਮਹਿਲਾ ਸਨਾਈਪਰ ਬਣ ਇਤਿਹਾਸ ਰਚ ਦਿੱਤਾ ਹੈ। ਸਬ-ਇੰਸਪੈਕਟਰ ਸੁਮਨ ਨੇ ਸੀਮਾ ਸੁਰੱਖਿਆ ਬਲ ਇੰਦੌਰ ਦੇ ਸੈਂਟਰਲ ਆਰਮਾਮੈਂਟ ਐਂਡ ਕੰਬੈਟ ਸਕਿੱਲ ਸਕੂਲ ਵਿੱਚ ਅੱਠ ਹਫ਼ਤਿਆਂ ਦੀ ਸਖ਼ਤ ਸਿਖਲਾਈ ਵਿੱਚ ਵਧੀਆ ਰੈਂਕ ਪ੍ਰਾਪਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।
56 ਮਰਦਾਂ ਨੂੰ ਮਾਤ ਦੇ ਹਾਸਿਲ ਕੀਤੀ ਉਪਲਭਦੀ
ਸੁਮਨ 56 ਮਰਦਾਂ ਵਿਚੋਂ ਸਿਖਲਾਈ ਲੈਣ ਵਾਲੀ ਇਕਲੌਤੀ ਔਰਤ ਸੀ। ਬੀ.ਐਸ.ਐਫ. ਵਿੱਚ ਹੁਣ ਤੱਕ ਕਿਸੇ ਵੀ ਮਹਿਲਾ ਸਿਪਾਹੀ ਨੇ ਇਹ ਕੋਰਸ ਨਹੀਂ ਕੀਤਾ ਸੀ। 28 ਸਾਲਾ ਸੁਮਨ ਕੁਮਾਰੀ ਬੀਐਸਐਫ ਦੀ ਪੰਜਾਬ ਯੂਨਿਟ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। 2019 ਵਿੱਚ ਪ੍ਰੀਖਿਆ ਦੇਣ ਤੋਂ ਬਾਅਦ ਉਹ 2021 ਵਿੱਚ ਬੀ.ਐਸ.ਐਫ. ਵਿੱਚ ਭਰਤੀ ਹੋ ਗਈ ਸੀ।
ਪੰਜਾਬ ਵਿੱਚ ਪਲਟਨ ਦੀ ਕਮਾਂਡ ਕਰਦੇ ਸਮੇਂ ਸਰਹੱਦ ਪਾਰ ਸਨਾਈਪਰ ਹਮਲਿਆਂ ਦੇ ਖਤਰੇ ਨੂੰ ਮਹਿਸੂਸ ਕਰਨ ਤੋਂ ਬਾਅਦ ਸੁਮਨ ਨੇ ਸਨਾਈਪਰ ਕੋਰਸ ਕਰਨ ਦਾ ਸੰਕਲਪ ਲਿਆ। ਸੁਮਨ ਨੇ ਸਵੈ-ਇੱਛਾ ਨਾਲ ਸਨਾਈਪਰ ਕੋਰਸ ਲਈ ਅਪਲਾਈ ਕੀਤਾ। ਉਸ ਦੀ ਬਹਾਦਰੀ ਨੂੰ ਵੇਖਦੇ ਹੋਏ ਉਸ ਦੇ ਸੀਨੀਅਰਾਂ ਨੇ ਵੀ ਉਸ ਦਾ ਮਨੋਬਲ ਵਧਾਇਆ ਅਤੇ ਉਸ ਨੂੰ ਕੋਰਸ ਲਈ ਪ੍ਰਵਾਨਗੀ ਦਿੱਤੀ।
ਸਿਖਲਾਈ ਪ੍ਰਾਪਤ ਸਨਾਈਪਰ 3 ਕਿਲੋਮੀਟਰ ਦੀ ਦੂਰੀ ਤੋਂ ਵੀ ਸਹੀ ਨਿਸ਼ਾਨਾ ਲਗਾ ਸਕਦਾ ਹੈ।
ਸਿੱਖਿਅਤ ਸਨਾਈਪਰ ਬਹੁਤ ਸਖ਼ਤ ਸਿਖਲਾਈ ਤੋਂ ਬਾਅਦ SSG ਸਮੇਤ ਹੋਰਾਂ ਨਾਲ ਨਿਸ਼ਚਿਤ ਦੂਰੀਆਂ ਤੋਂ ਸਹੀ ਟੀਚਾ ਹਾਸਲ ਕਰਨ ਦੇ ਯੋਗ ਹੁੰਦੇ ਹਨ। ਉਨ੍ਹਾਂ ਨੂੰ ਆਪਣੀ ਪਛਾਣ ਛੁਪਾਉਂਦੇ ਹੋਏ ਮੁਸ਼ਕਲ ਸਥਿਤੀਆਂ ਵਿੱਚ ਕੰਮ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਜਾਂਦੀ ਹੈ। ਇਹ ਤਿੰਨ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੋਂ ਦੁਸ਼ਮਣ ਨੂੰ ਸਟੀਕਤਾ ਨਾਲ ਮਾਰਨ ਦੇ ਸਮਰੱਥ ਹੁੰਦੇ ਹਨ। ਸੁਮਨ ਕੁਮਾਰੀ ਅੱਠ ਹਫ਼ਤਿਆਂ ਦੇ ਸਖ਼ਤ BSF ਸਨਾਈਪਰ ਕੋਰਸ ਵਿੱਚ “ਇੰਸਟਰਕਟਰ ਗ੍ਰੇਡ” ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਵੀ ਬਣ ਗਈ ਹੈ।
ਮੰਡੀ ਜ਼ਿਲ੍ਹੇ ‘ਚ ਖੁਸ਼ੀ ਦੀ ਲਹਿਰ
ਸੁਮਨ ਕੁਮਾਰੀ ਦੇ ਇਸ ਬਹਾਦਰੀ ਖ਼ਿਤਾਬ ਨਾਲ ਤੁੰਗਲ ਘਾਟੀ ਵਿੱਚ ਖੁਸ਼ੀ ਦੀ ਲਹਿਰ ਹੈ। ਸੁਮਨ ਦੀ ਮਾਂ ਮਾਇਆ ਦੇਵੀ ਅਤੇ ਪਿਤਾ ਦਿਨੇਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀਆਂ ਪ੍ਰਾਪਤੀਆਂ ਬਾਰੇ ਪਤਾ ਲੱਗਾ ਅਤੇ ਉਸ ਨਾਲ ਗੱਲ ਵੀ ਕੀਤੀ। ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ। ਅੱਜ ਪੂਰਾ ਦੇਸ਼ ਨੂੰ ਉਨ੍ਹਾਂ ਦੀ ਧੀ ਦੀ ਬਹਾਦਰੀ ਕਾਰਨ ਉਨ੍ਹਾਂ ਨੂੰ ਜਾਨਣ ਲੱਗ ਪਿਆ ਹੈ।
ਦੱਸ ਦੇਈਏ ਕਿ ਸੁਮਨ ਦੇ ਪਿਤਾ ਇੱਕ ਇਲੈਕਟ੍ਰੀਕਲ ਠੇਕੇਦਾਰ ਹਨ, ਜਦੋਂ ਕਿ ਉਸਦੀ ਮਾਂ ਇੱਕ ਘਰੇਲੂ ਔਰਤ ਹੈ। ਉਸ ਦੀ ਇੱਕ ਭੈਣ, ਸੁਸ਼ਮਾ ਠਾਕੁਰ, ਇੱਕ ਡਾਕਟਰ ਹੈ ਅਤੇ ਉਸ ਦਾ ਭਰਾ, ਵਿਕਰਾਂਤ ਠਾਕੁਰ, ਇੱਕ B.Tech ਇਲੈਕਟ੍ਰੀਕਲ ਪਾਸ ਹੈ।
ਇਹ ਵੀ ਪੜ੍ਹੋ:
–
