- ਪਿਛਲੇ ਤਿੰਨ ਸਾਲਾਂ ਵਿੱਚ, ਪੰਜਾਬ ’ ਚ ਨਸ਼ੇ ਕਾਰਨ ਹੋਈਆਂ 272 ਮੌਤਾਂ, 25 ਲੱਖ ਨੌਜਵਾਨ ਡੁੱਬੇ ਨਸ਼ੇ ਦੀ ਲਤ ਵਿੱਚ

ਲੁਧਿਆਣਾ ( 14 ਜੂਨ 2025 )
ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਨੇ ਅਰਵਿੰਦ ਕੇਜਰੀਵਾਲ ਨੂੰ ਸੱਤਾ ਦਾ ਲਾਲਚੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਹੈ। ਜੇਕਰ ਉਨ੍ਹਾਂ ਨੂੰ ਕਿਸੇ ਨਾਲ ਕੋਈ ਲਗਾਵ ਜਾਂ ਪਿਆਰ ਹੈ ਤਾਂ ਉਹ ਪੰਜਾਬ ਦੀ ਜ਼ੈੱਡ ਪਲੱਸ ਸੁਰੱਖਿਆ, ਕਾਰਾਂ ਦੇ ਕਾਫਲੇ ਅਤੇ ਪੰਜਾਬ ਦੇ ਜਹਾਜ਼ ਵਿੱਚ ਝੂਟੇ ਲੈਣ ਨਾਲ ਪਿਆਰ ਹੈ । ਅਲਕਾ ਲਾਂਬਾ ਅੱਜ ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ । ਇਸ ਮੌਕੇ ਅਮੇਠੀ ਦੇ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ, ਕਾਂਗਰਸ ਦੇ ਇੰਚਾਰਜ ਸਕੱਤਰ ਰਵਿੰਦਰ ਜੀ, ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੀ ਮੌਜੂਦ ਸਨ। 2015 ਤੋਂ 2020 ਤੱਕ ’ਆਪ’ ਵਿਧਾਇਕ ਰਹੀ ਅਤੇ ਕੇਜਰੀਵਾਲ ਦੀਆਂ ਚਾਲਾਂ ਦੀ ਰਾਜਦਾਰ ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਦੋ ਮੂੰਹਾਂ ਵਾਲਾ ਸੱਪ ਦੱਸਿਆ ਅਤੇ ਪੰਜਾਬੀਆਂ ਨੂੰ ਕਿਹਾ ਕਿ ਤੁਸੀਂ ਉਸਨੂੰ ਜਿੰਨਾ ਜ਼ਿਆਦਾ ਦੁੱਧ ਪਿਲਾਓਗੇ ਉਹ ਤੁਹਾਨੂੰ ਓਨਾ ਹੀ ਡੰਗ ਮਾਰੇਗਾ। ਕੇਜਰੀਵਾਲ ਨੂੰ “ਆਪਦਾ “ ( ਮੁਸੀਬਤ )ਦੱਸਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਸਨੂੰ ਧੱਕਾ ਦਿਤਾ ਹੈ, ਹਰਿਆਣਾ ਦੇ ਲੋਕਾਂ ਨੇ ਇਸਨੂੰ ਵੜਨ ਨਹੀਂ ਦਿੱਤਾ, ਕੇਜਰੀਵਾਲ “ਆਪਦਾ “ਦੇ ਰੂਪ ਪੰਜਾਬ ਵਿੱਚ ਆ ਵੜਿਆ । ਪੱਛਮੀ ਵਿਧਾਨ ਸਭਾ ਦੀ ਉਪ ਚੋਣ ਵਿੱਚ ਸੰਜੀਵ ਅਰੋੜਾ ਨੂੰ ਚੋਣ ਲੜਾਉਣਾ ਸਿਰਫ਼ ਇੱਕ ਬਹਾਨਾ ਹੈ। ਕੇਜਰੀਵਾਲ ਦਾ ਅਸਲੀ ਮਕਸਦ ਇਸ ਸੀਟ ਦੀ ਆੜ ਵਿੱਚ ਰਾਜ ਸਭਾ ਜਾਣਾ ਹੈ। ਦਿੱਲੀ ਦੀ ਹਾਰ ਸਿਰਫ਼ ਇੱਕ ਟ੍ਰੇਲਰ ਹੈ। ਪੰਜਾਬ ਵਿੱਚ ਹਾਰ ਦੀ ਪੂਰੀ ਫਿਲਮ ਅਜੇ ਬਾਕੀ ਹੈ। ਉਨ੍ਹਾਂ ਵਿਧਾਨ ਸਭਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਸ਼ੂ ਦੇ ਹੱਕ ਵਿੱਚ ਵੋਟ ਪਾਉਣ ਅਤੇ ਕੇਜਰੀਵਾਲ ਨੂੰ ਜ਼ੋਰਦਾਰ ਧੱਕਾ ਮਾਰ ਕੇ ਪੰਜਾਬ ਤੋਂ ਬਾਹਰ ਕੱਢਣ। ਆਪ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਬਾਰੇ ਵੱਡੇ-ਵੱਡੇ ਇਸ਼ਤਿਹਾਰਾਂ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਕਿਹਾ ਕਿ ਨੈਸ਼ਨਲ ਕ੍ਰਾਈਮ ਬਿਊਰੋ ਦੇ ਅੰਕੜਿਆਂ ਅਨੁਸਾਰ, ’ਆਪ’ ਦੇ ਸ਼ਾਸਨ ਦੌਰਾਨ 272 ਪੰਜਾਬੀਆਂ ਦੀ ਮੌਤ ਨਸ਼ੇ ਕਾਰਨ ਹੋਈ ਹੈ। 25 ਲੱਖ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਹਨ। ਪੰਜਾਬ ਦਾ ਕਰਜ਼ਾ ਤਿੰਨ ਸਾਲਾਂ ਵਿੱਚ 2.83 ਲੱਖ ਕਰੋੜ ਤੋਂ ਵੱਧ ਕੇ 4.17 ਲੱਖ ਕਰੋੜ ਹੋ ਗਿਆ ਹੈ। ਕੇਜਰੀਵਾਲ, ਸਿਸੋਦੀਆ, ਸਤੇਂਦਰ ਜੈਨ ਨੂੰ ਵੀਆਈਪੀ ਸਹੂਲਤਾਂ ਦੇਣ ਕਾਰਨ ਸਰਕਾਰ ਦਾ ਕਰਜ਼ਾ ਵਧ ਰਿਹਾ ਹੈ। ਆਪ’ ਮੰਤਰੀਆਂ ਅਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਰਵਾਈ ਸਿਰਫ਼ ਉਨ੍ਹਾਂ ਲੋਕਾਂ ਵਿਰੁੱਧ ਹੁੰਦੀ ਹੈ ਜੋ ਕੇਜਰੀਵਾਲ ਨੂੰ ਹਿੱਸਾ ਨਹੀਂ ਦਿੰਦੇ। ਕੇਜਰੀਵਾਲ ਨੇ ਅਸਿੱਧੇ ਤੌਰ ’ਤੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਹੁੰਦੇ ਹੋਏ, ਕੇਜਰੀਵਾਲ ਅੱਗੇ ਸਿਰ ਅਤੇ ਕਮਰ ਝੁਕਾ ਕੇ ਪੰਜਾਬੀਆਂ ਦਾ ਅਪਮਾਨ ਕਰ ਰਹੇ ਹਨ। ਕੇਜਰੀਵਾਲ ਦੀਆਂ ਧਮਕੀਆਂ ਕਿ ਜੇਕਰ ਆਸ਼ੂ ਵਿਧਾਇਕ ਬਣ ਗਿਆ ਤਾਂ ਕੋਈ ਕੰਮ ਨਹੀਂ ਹੋਵੇਗਾ ਦੀ ਘੋਸ਼ਣਾ ਤੇ ਲਾਂਬਾ ਨੇ ਕਿਹਾ ਕਿ ਆਸ਼ੂ ਕੋਲ ਵਿਧਾਨ ਸਭਾ ਪੱਛਮੀ ਦੇ ਵਿਕਾਸ ਲਈ ਇੱਕ ਵਿਜ਼ਿਨ ਹੈ। ਆਸ਼ੂ ਵਿਧਾਨਸਭਾ ਚੋਣਾਂ ਵਿੱਚ ਡੰਡੇ ਦੇ ਜ਼ੋਰ ਨਾਲ ਕੰਮ ਕਰਾਵਏਗਾ। ਆਸ਼ੂ ਭਗਵੰਤ ਮਾਨ ਵਾਂਗ ਨਾਂ ਕਦੇ ਕੇਜਰੀਵਾਲ ਅੱਗੇ ਝੁਕਿਆ ਹੈ ਅਤੇ ਨਾ ਹੀ ਕਦੇ ਡਰਿਆ ਹੈ। ਸਗੋਂ ਕੇਜਰੀਵਾਲ ਹੀ ਆਸ਼ੂ ਤੋਂ ਡਰਦਾ ਹੈ। ਉਨ੍ਹਾਂ ਕਿਹਾ ਕਿ ਆਸ਼ੂ ਵਿਕਾਸ ਦੇ ਵਿਜ਼ਿਨ ਨਾਲ ਮੈਦਾਨ ਵਿੱਚ ਉਤਰੇ ਹਨ। ਇਸ ਮੌਕੇ ’ਤੇ ’ਆਪ’ ਦੇ ਸੰਸਥਾਪਕ ਮੈਂਬਰ ਨਰਿੰਦਰ ਪਾਲ ਖਾਲਸਾ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ।
