
ਮਿਤੀ: 27 ਅਕਤੂਬਰ 2025 (ਸੋਮਵਾਰ harmel singh ) ਸਥਾਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ 34ਵੇਂ ਦਿਨ ‘ਚ — ਸਰਕਾਰ ਦੀ ਚੁੱਪੀ ‘ਤੇ ਗੁੱਸਾ ਤੇ ਨਿਰਾਸ਼ਾ ਵਧੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ (ASAP) ਵਲੋਂ ਲਗਾਇਆ ਗਿਆ ਧਰਨਾ ਅੱਜ 34ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਲਗਾਤਾਰ ਚੱਲ ਰਹੇ ਇਸ ਸੰਘਰਸ਼ ਨੇ ਵਿਦਿਆਰਥੀਆਂ ਦੇ ਮਨ ਵਿੱਚ ਇਹ ਸਵਾਲ ਹੋਰ ਗਹਿਰਾ ਕਰ ਦਿੱਤਾ ਹੈ — ਕੀ ਸਰਕਾਰ ਸੱਚਮੁੱਚ ਖੇਤੀਬਾੜੀ ਅਤੇ ਕਿਸਾਨਾਂ ਦੀ ਚਿੰਤਾ ਕਰਦੀ ਹੈ, ਜਾਂ ਸਿਰਫ਼ ਮੰਚਾਂ ‘ਤੇ ਬਿਆਨਬਾਜ਼ੀ ਤੱਕ ਹੀ ਸੀਮਿਤ ਹੈ?
ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਖੇਤੀ ਨੂੰ “ਪੰਜਾਬ ਦੀ ਰੀੜ੍ਹ ਦੀ ਹੱਡੀ” ਕਹਿੰਦੀ ਹੈ, ਪਰ ਉਸੇ ਰੀੜ੍ਹ ਨੂੰ ਮਜ਼ਬੂਤ ਕਰਨ ਵਾਲੇ ਅਹੁਦੇ ਖਾਲੀ ਪਏ ਹਨ।
ਜਦੋਂ ਖੇਤੀਬਾੜੀ ਵਿਭਾਗ, ਸੋਇਲ ਕਨਜ਼ਰਵੇਸ਼ਨ, ਮੰਡੀ ਬੋਰਡ ਤੇ ਹੋਰ ਮਹਿਕਮਿਆਂ ਵਿੱਚ ਸੈਂਕੜਿਆਂ ਅਸਾਮੀਆਂ ਖਾਲੀ ਹਨ, ਤਾਂ ਖੇਤੀਬਾੜੀ ਦੀ ਵਿਕਾਸ ਪ੍ਰਣਾਲੀ ਕਿਵੇਂ ਚੱਲੇਗੀ?
ASAP ਦੇ ਆਗੂਆਂ ਨੇ ਸਪਸ਼ਟ ਕਿਹਾ —
“ਅਸੀਂ ਪੜ੍ਹ ਕੇ ਰੋਜ਼ਗਾਰ ਨਹੀਂ ਮੰਗ ਰਹੇ, ਅਸੀਂ ਉਹ ਪ੍ਰਣਾਲੀ ਬਚਾਉਣ ਲਈ ਖੜੇ ਹਾਂ ਜੋ ਪੰਜਾਬ ਦੀ ਜ਼ਿੰਦਗੀ ਨਾਲ ਜੁੜੀ ਹੈ।”
ਧਰਨਾ ਸਥਾਨ ‘ਤੇ ਵਿਦਿਆਰਥੀ ਦਿਨ-ਰਾਤ ਬੈਠੇ ਹਨ — ਧੂੜ, ਧੁੱਪ ਤੇ ਮੌਸਮ ਦੀਆਂ ਸਖਤੀਆਂ ਦੇ ਬਾਵਜੂਦ ਹੌਸਲਾ ਕਾਇਮ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਪੱਕਾ ਲਿਖਤੀ ਹੱਲ ਨਹੀਂ ਦਿੰਦੀ, ਇਹ ਸੰਘਰਸ਼ ਰੁਕੇਗਾ ਨਹੀਂ।
ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਅਜੇ ਵੀ ਚੁੱਪੀ ਨਾ ਤੋੜੀ, ਤਾਂ ਵਿਦਿਆਰਥੀ ਅੰਦੋਲਨ ਦਾ ਪੱਧਰ ਹੋਰ ਵਧਾਉਣਗੇ।