ਹੁਣ ਤੱਕ ਸੀ-ਵਿਜਿਲ ਐਪ ‘ਤੇ ਆਈਆਂ 12 ਸ਼ਿਕਾਇਤਾਂ, 9 ਦਾ ਸਮਾਂਬੱਧ ਨਿਪਟਾਰਾ, 03ਰੱਦ ਕੀਤੀਆਂ
ਸੀ-ਵੀਜਿਲ ਐਪ ਤੇ ਪ੍ਰਾਪਤ ਸ਼ਿਕਾਇਤ ਨੂੰ 100 ਮਿੰਟ ‘ਚ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ
ਫਰੀਦਕੋਟ, 16 ਜਨਵਰੀ, ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਹਰਬੀਰ ਸਿੰਘ ਆਈ ਏ ਐਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਅਮਲ ਨਾਲ ਸਬੰਧਿਤ ਸ਼ਿਕਾਇਤਾਂ/ਮਾਮਲਿਆਂ ਲਈ ਪ੍ਰਤੀਬੱਧ ਪ੍ਰਣਾਲੀ ਕੰਮ ਕਰ ਰਹੀ ਹੈ ਤਾਂ ਜੋ ਚੋਣ ਅਮਲ ਨੂੰ ਨਿਰਪੱਖ, ਸੁਤੰਤਰ, ਸ਼ਾਂਤਮਈ ਤੇ ਨਿਰਵਿਘਨ ਬਣਾਇਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦਾ ਇੱਕੋ-ਇੱਕ ਏਜੰਡਾ ਚੋਣ ਅਮਲ ਦੌਰਾਨ ਕਿਸੇ ਵੀ ਤਰ੍ਹਾਂ ਦੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕ ਕੇ, ਹਰੇਕ ਪਾਰਟੀ ਵਾਸਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ, ਵੋਟਰਾਂ ਨੂੰ ਭਰਮਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ਾਂ ਨੂੰ ਰੋਕਣਾ, ਉਨ੍ਹਾਂ ਵਿੱਚ ਭਰੋਸੇ, ਨਿਡਰਤਾ ਅਤੇ ਨਿਰਪੱਖਤਾ ਦਾ ਮਾਹੌਲ ਸਿਰਜਣਾ ਹੈ ਤਾਂ ਜੋ ਕਿਸੇ ਨੂੰ ਵੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਢੁੱਕਵਾ ਮਾਹੋਲ ਮਿਲੇ। ਇਸ ਲਈ ਵੱਖ-ਵੱਖ ਚੋਣ ਟੀਮਾਂ 24 ਘੰਟੇ ਕਾਰਜਸ਼ੀਲ ਹਨ ।
ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਜੋ ਕਿ ਐਂਡਰਾਇਡ/ਆਈ.ਓ.ਐਸ ਪਲੇਟਫ਼ਾਰਮ ਅਧਾਰਿਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਹੈ, ਰਾਹੀਂ ਹੁਣ ਤੱਕ ਚੋਣਾਂ ਨਾਲ ਸੰਬੰਧਿਤ ਆਈਆਂ 12 ਸ਼ਿਕਾਇਤਾਂ ਵਿੱਚੋਂ 9 ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਗਿਆ ਹੈ ਅਤੇ 03 ਰੱਦ ਕਰ ਦਿੱਤੀਆਂ ਗਈਆਂ ਹਨ । ਇਹ 03 ਸ਼ਿਕਾਇਤਾਂ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਨਾ ਹੋਣ ਕਰਕੇ ਰੱਦ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਜ਼ਿਲ੍ਹਾ ਪੱਧਰ ਤੇ ਅਤੇ ਵਿਧਾਨ ਸਭਾ ਹਲਕਾ ਵਾਈਜ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਅਤੇ ਚੋਣ ਅਮਲ ਨਾਲ ਸਬੰਧਿਤ ਸ਼ਿਕਾਇਤ ਕੇਂਦਰ 24 ਘੰਟੇ ਕੰਮ ਕਰ ਰਹੇ ਹਨ, ਜਿੱਥੇ ਪ੍ਰਾਪਤ ਹੋਈ ਹਰੇਕ ਸ਼ਿਕਾਇਤ ਨੂੰ ਬੜੀ ਹੀ ਗੰਭੀਰਤਾ ਨਾਲ ਲੈ ਕੇ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਸੀ-ਵਿਜਿਲ ‘ਤੇ ਆਉਂਦੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਦੇ ਪੰਜ ਮਿੰਟ ‘ਚ ਹੀ ਫਲਾਇੰਗ ਸਕੂਐਡ ਟੀਮ ਨੂੰ ਸੌਂਪ ਦਿੱਤਾ ਜਾਂਦਾ ਹੈ। ਟੀਮ 15 ਮਿੰਟ ‘ਚ ਸਬੰਧਿਤ ਥਾਂ ‘ਤੇ ਪਹੁੰਚਦੀ ਹੈ। ਉਸ ਤੋਂ ਬਾਅਦ 30 ਮਿੰਟ ‘ਚ ਉਸ ਸ਼ਿਕਾਇਤ ਦੇ ਤੱਥ ਜਾਂਚ ਕੇ, ਉਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਸਬੰਧਿਤ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਰਿਟਰਨਿੰਗ ਅਫ਼ਸਰ ਉਸ ਸ਼ਿਕਾਇਤ ‘ਤੇ ਅਗਲੇ 50 ਮਿੰਟ ‘ਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੇਵਲ 100 ਮਿੰਟ ‘ਚ ਸ਼ਿਕਾਇਤ ਨੂੰ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੁੱਝ ਸ਼ਿਕਾਇਤਾਂ ਸਿੱਧੇ ਤੌਰ ‘ਤੇ ਜ਼ਿਲ੍ਹਾ ਚੋਣ ਅਫ਼ਸਰ ਫਰੀਦਕੋਟ ਦੇ ਦਫ਼ਤਰ ਵੀ ਪੁੱਜਦੀਆਂ ਹਨ, ਜਿਨ੍ਹਾਂ ਨੂੰ ਨਿਪਟਾ ਕੇ, ਮੁੱਖ ਚੋਣ ਅਫ਼ਸਰ ਨੂੰ ਸੂਚਿਤ ਕੀਤਾ ਜਾਂਦਾ ਹੈ।