
ਲੁਧਿਆਣਾ ( 8 ਜੂਨ )
ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਪੱਛਮੀ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਦਿੱਲੀ ਤੋਂ ਆਏ ਲੁਟੇਰਿਆਂ ਤੋਂ ਮੁਕਤ ਕਰਵਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਵੋਟ ਕਰਨ। ਗਾਂਧੀ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ’ਚ ਪ੍ਰਚਾਰ ਕਰਨ ਲੁਧਿਆਣਾ ਪਹੁੰਚੇ ਹੋਏ ਸਨ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਕੁਲਜੀਤ ਨਾਗਰਾ ਵੀ ਮੌਜੂਦ ਸਨ। ਕਿਸੇ ਸਮੇਂ ਆਮ ਆਦਮੀ ਪਾਰਟੀ ਵਿੱਚ ਰਹੇ ਧਰਮਵੀਰ ਗਾਂਧੀ ਨੇ ਝੂਠੀ ਪਾਰਟੀ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਮ ’ਤੇ ਵੋਟਾਂ ਬਟੋਰਨ ਵਾਲੇ ਲੋਕ ਸੱਤਾ ਵਿੱਚ ਆਉਂਦੇ ਹੀ ਖਾਸ ਲੋਕ ਬਣ ਗਏ। ਵੀ.ਆਈ.ਪੀ ਕਲਚਰ ਦਾ ਵਿਰੋਧ ਕਰਨ ਵਾਲਿਆਂ ਨੇ ਵਿਸ਼ੇਸ਼ ਵੀਆਈਪੀ ਸਹੂਲਤਾਂ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੀ ਲੀਡਰਸ਼ਿਪ ਸਾਹਮਣੇ ਗੋਡੇ ਟੇਕ ਦਿੱਤੇ ਅਤੇ ਪੰਜਾਬ ਦੇ ਹਿੱਤਾਂ ਅਤੇ ਸਰਕਾਰੀ ਖਜ਼ਾਨੇ ਦੀਆਂ ਚਾਬੀਆਂ ਦਿੱਲੀ ਦੇ ਲੋਕਾਂ ਨੂੰ ਸੌਂਪ ਦਿੱਤੀਆਂ। ਅਰਵਿੰਦ ਕੇਜਰੀਵਾਲ, ਸਿਸੋਦੀਆ ਅਤੇ ਸਤੇਂਦਰ ਜੈਨ ਵਰਗੇ ਲੋਕ ਕੱਟੜ ਇਮਾਨਦਾਰੀ ਦਾ ਹੋਕਾ ਦਿੰਦੇ ਨਹੀਂ ਥੱਕਦੇ ਪਰ ਉਹ ਖੁਦ ਸ਼ਰਾਬ ਘੁਟਾਲੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਈ-ਕਈ ਮਹੀਨੇ ਜੇਲ੍ਹਾਂ ਵਿੱਚ ਕੱਟ ਕੇ ਆਏ ਹਨ । ਤੇ ਹੁਣ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਦਾਅਵਾ ਕਰ ਰਹੇ ਹਨ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਦੇ ਦੁਸ਼ਮਣ ਦੱਸਦਿਆਂ ਕਿਹਾ ਕਿ ਜੋ ਵੀ “ ਆਮ ਆਦਮੀ ਪਾਰਟੀ “ ਦਾ ਐਮ.ਪੀ, ਵਿਧਾਇਕ ਜਾਂ ਅੱਹੁਦੇਦਾਰ ਪਾਰਟੀ ਦੇ ਪਲੇਟਫਾਰਮ ’ਤੇ ਜਾਂ ਜਨਤਕ ਤੌਰ ’ਤੇ ਪਾਰਟੀ ਦੇ ਸਿਧਾਂਤਾਂ ਬਾਰੇ ਗੱਲ ਕਰਦਾ ਹੈ ਤੇ ਉਕਤ ਆਗੂਆਂ ਨੂੰ ਪਾਰਟੀ ਦੇ ਸਿਧਾਂਤਾਂ ਦੀ ਲਾਈਨ ਤੋਂ ਨਾਂ ਭਟਕਣ ਬਾਰੇ ਹੈ ਸੁਝਾਅ ਦਿੰਦਾ ਹੈ ਤਾਂ ਉਸਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਜਾਂਦਾ ਹੈ। ਆਮ ਆਦਮੀ ਪਾਰਟੀ ਜੋ ਕਾਗਜ਼ਾਂ ਵਿੱਚ ਸਿਧਾਂਤਾਂ ਦੀ ਗੱਲ ਕਰਦੀ ਹੈ ਉਸ ਪਾਰਟੀ ਦੇ ਆਗੂਆਂ ਨੇ ਵਿਸ਼ੇਸ਼ ਵੀਆਈਪੀ ਕਲਚਰ ਨੂੰ ਆਪਣਾ ਸਿਧਾਂਤ ਬਣਾ ਲਿਆ ਹੈ। ਉਨ੍ਹਾਂ ਵਿਧਾਨ ਸਭਾ ਪੱਛਮੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਜੂਨ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਤਾਂ ਜੋ ਕੇਜਰੀਵਾਲ ਵੱਲੋਂ ਦਿੱਲੀ ਦੇ ਭਾੜੇ ਦੇ ਲਿਆਂਦੇ ਲੁਟੇਰਿਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਦੀ ਨੀਂਹ ਰੱਖੀ ਜਾ ਸਕੇ।
