- ਕਾਂਗਰਸ ਸਰਕਾਰ ਦੌਰਾਨ ਸ੍ਰੀ ਗੁਰੂ ਰਵਿਦਾਸ ਸਟੱਡੀ ਸੈਂਟਰ ਲਈ ਜਾਰੀ ਕੀਤੇ ਗਏ 25 ਕਰੋੜ ਰੁਪਏ ਦਾ ਚੈੱਕ ਵਾਪਸ ਲੈ ਲਿਆ, ਹੁਣ ਤੱਕ ਦੁਬਾਰਾ ਜਾਰੀ ਨਹੀਂ ਕੀਤਾ
ਜਲੰਧਰ’ ਚ ਕਬੀਰ ਜਯੰਤੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੇਏ ਕੇਜਰੀਵਾਲ, ਤਿੰਨ ਕਿਲੋਮੀਟਰ ਦੂਰ ਇੱਕ ਪਾਰਕ ਦਾ ਉਦਘਾਟਨ ਕਰਕੇ ਚਲੇ ਗਏ ਵਾਪਸ
ਬਾਬਾ ਸਾਹਿਬ ਦੇ ਨਾਮ ’ਤੇ ਵੋਟਾਂ ਲੈਣ ਵਾਲਿਆਂ ਨੇ ਕਾਂਗਰਸ ਸਰਕਾਰ ਦੁਆਰਾ 100 ਕਰੋੜ ਰੁਪਏ ਦੇ ਸਟੱਡੀ ਸੈਂਟਰ ਦੇ ਪ੍ਰੋਜੈਕਟ ਵਿੱਚ ਅੱਜ ਤੱਕ ਨਹੀਂ ਲਗਾਈ ਇੱਕ ਵੀ ਇੱਟ- ਚੰਨੀ

ਲੁਧਿਆਣਾ ( 12 ਜੂਨ )
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦਲਿਤ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ’ਆਪ’ ਸੁਪਰੀਮੋ ਨੂੰ ਦਲਿਤਾਂ ਅਤੇ ਗਰੀਬਾਂ ਤੋਂ ਮੁਸ਼ਕ ਆਉਂਦੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਤੋਂ ਪਿੱਛੇ ਹਟਣਾ ਵੀ ਇਸੇ ਲੜੀ ਦਾ ਹਿੱਸਾ ਹੈ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਲਿਤ ਗੁਰੂਆਂ ਦੀ ਯਾਦ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਨਹੀਂ ਲੈਂਦੇ। ਇਸਦਾ ਪ੍ਰਤਖ ਪ੍ਰਮਾਣ ਕੱਲ੍ਹ ਜਲੰਧਰ ਵਿੱਖੇ ਕਬੀਰ ਜਯੰਤੀ ’ਤੇ ਆਯੋਜਿਤ ਸਰਕਾਰੀ ਪ੍ਰੋਗਰਾਮ ਵਿੱਚ ਉਪਰੋਕਤ ਦੋਹਾਂ ਨੇਤਾਵਾਂ ਦੀ ਗੈਰ-ਹਾਜ਼ਰੀ ਤੋਂ ਦੇਖੀ ਜਾ ਸਕਦੀ ਹੈ। ਜਦਕਿ ਕੇਜਰੀਵਾਲ ਅਤੇ ਭਗਵੰਤ ਮਾਨ ਕਬੀਰ ਜਯੰਤੀ ਪ੍ਰੋਗਰਾਮ ਤੋਂ ਲਗਭਗ 3 ਕਿਲੋਮੀਟਰ ਦੂਰ ਸਥਿਤ ਪਾਰਕ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਇੱਕ ਅਮੀਰ ਦੋਸਤ ਦੀ ਫੈਕਟਰੀ ਵਿੱਚ ਸਮਾਂ ਬਿਤਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕਬੀਰ ਜਯੰਤੀ ’ਤੇ ਆਯੋਜਿਤ ਸਰਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਪ੍ਰੋਗਾਮ ਵੀ ਤੈਅ ਸੀ । ਉਨ੍ਹਾਂ ਕਿਹਾ ਕਿ ਕਬੀਰ ਭਵਨ ਕਾਂਗਰਸ ਦੇ ਸ਼ਾਸਨ ਦੌਰਾਨ 12 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ’ਆਮ ਆਦਮੀ ਪਾਰਟੀ “ ਦੀ ਸਰਕਾਰ ਦੇ ਦਲਿਤ ਵਿਰੋਧੀ ਹੋਣ ਦਾ ਸਬੂਤ ਇਹ ਹੈ ਕਿ ਕਾਂਗਰਸ ਸਰਕਾਰ ਵੱਲੋਂ ਸਰੋਵਰ ਲਈ ਉਪਲਬਧ ਕਰਵਾਈ ਗਈ ਮਸ਼ੀਨਰੀ ਦੀ ਵਰਤੋਂ ਨਾ ਕਰਕੇ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਤੀਰਥ ਵਿਖੇ ਸਰੋਵਰ ਦੀ ਸਫਾਈ ਵੱਲ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਫੋਟੋ ਲਗਾ ਕੇ ਸਿਆਸੀ ਫਾਇਦਾ ਉਠਾਉਣ ਵਾਲੀ ’ਆਪ’ ਸਰਕਾਰ ਨੇ ਮੇਰੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕਪੂਰਥਲਾ ਟੈਕਨੀਕਲ ਯੂਨੀਵਰਸਿਟੀ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਬਾਬਾ ਸਾਹਿਬ ਦੀ ਜੀਵਨੀ ’ਤੇ ਖੋਜ ਕੇਂਦਰ ਦੇ ਪ੍ਰੋਜੈਕਟ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਅਤੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵੀ ਇੱਟ ਨਹੀਂ ਲਗਾਈ । ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਰਹਿੰਦੇ ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਦੇ ਪ੍ਰਬੰਧਕਾਂ ਨੂੰ ਗੁਰੂ ਰਵਿਦਾਸ ਜੀ ਦੇ ਪਵਿੱਤਰ ਸਥਾਨ ਡੇਰਾ ਬੱਲਾਂ ਵਿਖੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਅਧਿਐਨ ਕੇਂਦਰ ਲਈ 25 ਕਰੋੜ ਦਾ ਚੈੱਕ ਭੇਟ ਕੀਤਾ ਸੀ। ਜਿਸਨੂੰ ਕੇਜਰੀਵਾਲ ਐਂਡ ਕੰਪਨੀ ਨੇ ਵਾਪਸ ਲੈ ਲਿਆ। ਲੋਕ ਸਭਾ ਚੋਣਾਂ ਦੀ ਪੂਰਵ ਸੰਧਿਆ ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੁਬਾਰਾ ਚੈੱਕ ਭੇਟ ਕਰਨ ਲਈ ਡੇਰਾ ਪਹੁੰਚੇ। ਪਰ ਡੇਰਾ ਬੱਲਾ ਨੂੰ ਅੱਜ ਤੱਕ 25 ਕਰੋੜ ਰੁਪਏ ਦੀ ਰਕਮ ਜਾਰੀ ਨਹੀਂ ਕੀਤੀ ਗਈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਦਲਿਤ ਅਤੇ ਗਰੀਬ ਵਿਰੋਧੀ ਸਰਕਾਰ ਨੂੰ ਸਿੱਖਿਆ ਦੇ ਅਧਿਕਾਰ ਕਾਨੂੰਨ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਪਰ ਇਸ ਐਕਟ ਨੂੰ ਲਾਗੂ ਕਰਨ ਲਈ ਕੋਈ ਯਤਨ ਨਹੀਂ ਕੀਤਾ। ਨੋਟੀਫਿਕੇਸ਼ਨ ਤੋਂ ਬਾਅਦ ਕਿਸੇ ਵੀ ਗਰੀਬ ਬੱਚੇ ਨੂੰ ਐਕਟ ਅਧੀਨ ਪੜ੍ਹਾਈ ਲਈ ਕਿਸੇ ਨਿੱਜੀ ਸਕੂਲ ਵਿੱਚ ਦਾਖਲਾ ਨਹੀਂ ਮਿਲਿਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਾ ਵਾਅਦਾ ਕਰਕੇ ਫਾਰਮ ਭਰੇ ਤੇ ਵੋਟਾਂ ਤਾਂ ਬਟੋਰ ਲਈਆਂ । ਪਰ 40 ਮਹੀਨਿਆਂ ਬਾਅਦ ਵੀ ਔਰਤਾਂ ਨੂੰ ਇੱਕ ਵੀ ਰੁਪਿਆ ਨਹੀਂ ਮਿਲਿਆ। ਪੰਜਾਬ ਦੀਆਂ ਕੁੜੀਆਂ ਹਰ ਰੋਜ਼ ਆਪਣੀਆਂ ਮਾਵਾਂ ਤੋਂ ਪੁੱਛਦੀਆਂ ਹਨ ਕਿ ਦਿੱਲੀ ਤੋਂ ਕੇਜਰੀਵਾਲ ਮਾਮਾ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਕਦੋਂ ਜਮਾਂ ਕਰਵਾਉਣਗੇ।

