- ਕੇਜਰੀਵਾਲ ਪੰਜਾਬੀ ਵਿਅਕਤੀ ਦੀ ਰਾਜ ਸਭਾ ਸੀਟ ਹਥਿਆਉਣ ਲਈ ਹੋਛੀ ਸਿਆਸਤ ‘ਤੇ ਉਤਰਿਆ -,ਅਲਕਾ ਲਾਂਬਾ/ ਰਾਣਾ ਗੁਰਜੀਤ

ਲੁਧਿਆਣਾ ( 14 ਜੂਨ )
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਦੀ ਚੋਣ ਜੰਗ ਦੇ ਵਿਚਕਾਰ ਯੂਥ ਕਾਂਗਰਸ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੀ ਰਾਜ ਸਭਾ ਸੀਟ ਲਈ ਕੁਰਸੀ ਯਾਤਰਾ ਦਾ ਆਯੋਜਨ ਕੀਤਾ। ਬੈਂਡ ਵਾਜਿਆਂ ਦੇ ਨਾਲ ਕੱਢੀ ਗਈ ਕੁਰਸੀ ਯਾਤਰਾ ਵਿੱਚ ਇੱਕ ਡੰਮੀ ਕੇਜਰੀਵਾਲ ਨੂੰ ਰੱਥ ’ਤੇ ਰੱਖੀ ਇੱਕ ਵੱਡੀ ਕੁਰਸੀ ’ਤੇ ਬਿਠਾਇਆ ਗਿਆ ਸੀ। ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਕੁਰਸੀ ਆਲੇ-ਦੁਆਲੇ ਕਾਂਗਰਸ ਦੇ ਝੰਡੇ ਲੈ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਵਿਧਾਨ ਸਭਾ ਪੱਛਮੀ ਸੀਟ ’ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਵਿਧਾਇਕ ਬਣਾਉਣ ਲਈ ਨਹੀਂ ਸਗੋਂ, ਇਹ ਲੜਾਈ ’ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਇੱਕ ਪੰਜਾਬੀ ਵਿਅਕਤੀ ਤੋਂ ਰਾਜ ਸਭਾ ਸੀਟ ਖੋਹ ਕੇ ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੱਤਾ ਦੀ ਲਾਲਸਾ ਨੂੰ ਪੂਰਾ ਕਰਨ ਲਈ ਲੜੀ ਜਾ ਰਹੀ ਹੈ। ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ, ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ, ਵਿਧਾਨ ਸਭਾ ਪੱਛਮੀ ਦੇ ਚੋਣ ਇੰਚਾਰਜ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਯੁਵਾ ਆਗੂ ਇਕਬਾਲ ਸਿੰਘ ਗਰੇਵਾਲ ਤੇ ਸਾਥੀਆਂ ਨੇ ਇਸ ਕੁਰਸੀ ਯਾਤਰਾ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅਲਕਾ ਲਾਂਬਾ ਨੇ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ, ਕੇਜਰੀਵਾਲ, ਜੋ ਕਿ ਸ਼ਾਹੀ ਜ਼ਿੰਦਗੀ ਜਿਊਣ ਦੇ ਆਦੀ ਹੋ ਗਏ ਹਨ ਅਤੇ ਹੁਣ ਸੱਤਾ ਲਈ ਤਰਲੋ-ਮੱਛੀ ਹੋ ਰਹੇ ਹਨ। ਦਿੱਲੀ ਵਿੱਚ ਸੱਤਾ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ, ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸੇ ਅਪਣੇ ਸਾਰੇ ਜਰਨੈਲਾਂ ਸਿਸੋਦੀਆ, ਸਤੇਂਦਰ ਜੈਨ, ਵਿਭਵ ਕੁਮਾਰ ਨੂੰ ਤਾਂ ਪੰਜਾਬ ਵਿੱਚ ਸਰਕਾਰੀ ਅਹੁਦਿਆਂ ’ਤੇ ਬਿਠਾ ਦਿੱਤਾ। ਹੁਣ ਕੇਜਰੀਵਾਲ ਪੰਜਾਬੀ ਸੰਜੀਵ ਅਰੋੜਾ ਤੋਂ ਰਾਜ ਸਭਾ ਸੀਟ ਖੋਹ ਕੇ ਸੱਤਾ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਪ੍ਰਾਪਤ ਕਰਨਾ ਚਾਹੁੰਦਾ ਹੈ। ਅੱਜ, ਕਾਂਗਰਸ ਨੇ ਚੋਰ ਰਸਤੇ ਰਾਹੀਂ ਰਾਜ ਸਭਾ ਵਿੱਚ ਭੇਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਕੁਰਸੀ ਯਾਤਰਾ ਦਾ ਆਯੋਜਨ ਕਰਕੇ ਪੱਛਮੀ ਵਿਧਾਨ ਸਭਾ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ। ਇਸ ਮੌਕੇ ਭੰਡਾੰ ਨੇ ਆਪਣੇ ਪੰਜਾਬੀ ਅੰਦਬਵਿੱਚ ਹਾਕਮ ਧਿਰ ਦਾ ਰੱਜ ਕੇ ਤਵਾ ਲਾਇਆ ਅਤੇ ਰਾਹਗੀਰਾਂ ਤੇ ਲੋਕਾਂ ਨੂੰ ਇਹਨਾਂ ਧਾੜਵੀਆਂ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ । ਇਸ ਯਾਤਰਾ ਦਾ ਅਯੋਜਨ ਯੂਥ ਕਾਂਗਰਸ ਪੰਜਾਬ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਇਸ ਮੌਕੇ ਕਾਂਗਰਸ ਦੇ ਪੱਛਮੀ ਵਿਧਾਨ ਸਭਾ ਦੇ ਬਲਾਕ, ਵਾਰਡ ਅਤੇ ਬੂਥ ਪੱਧਰ ਦੇ ਅਹੁਦੇਦਾਰ, ਵਰਕਰ ਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਮੌਜੂਦ ਰਹੀਆਂ।

