ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਖੇਡਾਂ ਵਤਨ ਪੰਜਾਬ ਦੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲਿਆਂ ਵਿਚੋਂ ਰਾਜੇਵਾਲ ਸਕੂਲ ਦੀਆਂ ਲੜਕੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਬਹੁਤ ਹੀ ਜ਼ਬਰਦਸਤ ਮੁਕਾਬਲੇ ਵਿਚ ਵੱਖ ਵੱਖ ਉਮਰ ਅਤੇ ਭਾਰ ਵਰਗਾਂ ਵਿੱਚ ਨਾ ਸਿਰਫ਼ ਆਪਣੀ ਤਾਕਤ ਸਗੋਂ ਆਪਣੀ ਲਗਨ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਕੁੱਲ 26 ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਇਨ੍ਹਾਂ ਖਿਡਾਰਨਾਂ ਵੱਲੋਂ ਵੱਖ ਵੱਖ ਉਮਰ ਅਤੇ ਭਾਰ ਵਰਗਾਂ ਵਿੱਚ 6 ਸੋਨੇ ਦੇ ਤਮਗੇ, 8 ਚਾਂਦੀ ਅਤੇ 14 ਕਾਂਸੇ ਦੇ ਤਮਗੇ ਹਾਸਲ ਕੀਤੇ ਗਏ। ਇਹ ਮੈਡਲ ਹਾਸਲ ਕਰਕੇ ਇਹਨਾਂ ਨੇ ਨਾ ਸਿਰਫ ਆਪਣੇ ਮਾਪਿਆਂ ਦਾ ਸਗੋਂ ਆਪਣੇ ਅਧਿਆਪਕਾਂ , ਕੋਚ ਸਾਹਿਬਾਨ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਾਰੇ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੂੰ ਪ੍ਰਿੰਸੀਪਲ ਸ਼੍ਰੀ ਨਵਤੇਜ ਸ਼ਰਮਾ, ਸਕੂਲ ਸਟਾਫ ਅਤੇ ਐਸ. ਐਮ. ਸੀ ਮੈਂਬਰਾਂ ਦੁਆਰਾ ਵਧਾਈ ਦਿੱਤੀ ਗਈ । ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਸਰੀਰਿਕ ਸਿੱਖਿਆ ਅਧਿਆਪਕ ਸ਼੍ਰੀ ਗੌਰਵ ਸ਼ਰਮਾ ਅਤੇ ਕੋਚ ਸ. ਸ਼ੁਭਕਰਨ ਸਿੰਘ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸ਼੍ਰੀ ਗੌਰਵ ਸ਼ਰਮਾ ਡੀ. ਪੀ. ਈ ਅਤੇ ਵੇਟਲਿਫਟਿੰਗ ਕੋਚ ਸ. ਸ਼ੁਭਕਰਨਜੀਤ ਸਿੰਘ ਦੀ ਵਚਨਬੱਧਤਾ ਦੀ ਦਿਲੋਂ ਤਾਰੀਫ਼ ਕੀਤੀ ਅਤੇ ਕਿਹਾ ਕਿ ਖੇਡਾਂ ਪ੍ਰਤੀ ਉਹਨਾਂ ਦਾ ਸਮਰਪਣ ਇਸ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਅਜਿਹੇ ਪ੍ਰੇਰਨਾਦਾਇਕ ਅਧਿਆਪਕ ਅਤੇ ਕੋਚ ਮਿਲੇ ਹਨ। ਇਸ ਮੌਕੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।