- ਜਾਂਚ ਕੀਤੇ ਦੁੱਧ ਦੇ ਨਮੂਨਿਆਂ ’ਚ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ
- ਅਜਿਹੇ ਕੈਂਪਾਂ ਦਾ ਆਯੋਜਨ ਸਮੇਂ ਦੀ ਲੋੜ – ਪ੍ਰਿੰਸੀਪਲ ਅਨੂੰ ਸ਼ਰਮਾ

ਲੁਧਿਆਣਾ, 19 ਅਗਸਤ (harmel singh ) – ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਦੀ ਅਗਵਾਈ ਹੇਠ ਅੱਜ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਪਾਇਲ ਵਿਖੇ ਦੁੱਧ ਖਪਤਕਾਰ ਜਾਗਰੂਕਤਾ (ਸਕੂਲ) ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ, ਦੁੱਧ ਅਤੇ ਦੁੱਧ ਪਦਾਰਥਾਂ ਦੀ ਵਰਤੋਂ, ਜੰਕ ਫੂਡ ਅਤੇ ਕੋਲਡ ਡਰਿੰਕਸ ਤੋਂ ਪਰਹੇਜ਼ ਕਰਨ ਅਤੇ ਕੈਰੀਅਰ ਗਾਈਡੈਂਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਲਿਆਂਦੇ ਗਏ 40 ਦੁੱਧ ਦੇ ਸੈਂਪਲਾ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 25 ਸੈਂਪਲ ਮਿਆਰਾਂ ਅਨੁਸਾਰ ਅਤੇ 15 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਜਾਂਚ ਕੀਤੇ ਗਏ ਕਿਸੇ ਵੀ ਦੁੱਧ ਦੇ ਸੈਂਪਲ ਵਿੱਚ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।

ਕੈਂਪ ਦੌਰਾਨ ਡੇਅਰੀ ਵਿਕਾਸ ਇੰਸਪੈਕਟਰ ਸੁਖਵਿੰਦਰ ਸਿੰਘ, ਅਗਮਪ੍ਰੀਤ ਕੌਰ, ਅੰਕਿਤ ਕਪੂਰ ਅਤੇ ਅਨੁਰਾਗਦੀਪ ਕੌਰ ਵੱਲੋਂ ਆਪਣੇ-ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦਿਲਪ੍ਰੀਤ ਸਿੰਘ (ਬੀ.ਟੈਕ. ਡੇਅਰੀ ਟੈਕਨੋਲੋਜਿਸਟ) ਵੱਲੋਂ ਵੀ ਵਿਸ਼ੇਸ਼ ਲੈਕਚਰ ਦਿੱਤਾ ਗਿਆ।
ਸਕੂਲ ਪ੍ਰਿੰਸੀਪਲ ਅਨੂੰ ਸ਼ਰਮਾ ਨੇ ਵਿਭਾਗ ਵੱਲੋਂ ਲਗਾਏ ਗਏ ਇਸ ਜਾਗਰੂਕਤਾ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਿਹਤਮੰਦ ਖਾਣ-ਪੀਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਸਬੰਧੀ ਦਿੱਤੀ ਗਈ ਜਾਣਕਾਰੀ ਵੀ ਬਹੁਤ ਮਹੱਤਵਪੂਰਨ ਹੈ।

ਇਸ ਮੌਕੇ ਸਕੂਲ ਇੰਚਾਰਜ ਨੂੰ ਵਿਭਾਗ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵਜੋਂ ਮਿਲਕ ਪਿਓ ਅਤੇ ਮਿਲਕ ਕੇਕ ਦਿੱਤੇ ਗਏ। ਇਸ ਤੋਂ ਇਲਾਵਾ ਵਿਭਾਗ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਪ੍ਰਦਾਨ ਕੀਤੇ ਗਏ।
ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁੱਧ, ਮਿਆਰੀ ਅਤੇ ਸਾਫ਼ ਦੁੱਧ ਦੀ ਵਰਤੋ, ਸਿਹਤਮੰਦ ਖੁਰਾਕ ਅਤੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ।